Advertising

Saturday, 6 September 2014

Environmental Pollution(ਵਾਤਾਵਰਨ ਪ੍ਰਦੁਸ਼ਣ)

Satnam Singh   at  20:37  No comments

   ਧਰਤੀ ੳੱਪਰ ਜੀਵਾਂ ਬਨਸਪਤੀ ਦੀ ਹੋਂਦ ਤੇ ਪ੍ਰਦੂਸਣ :- ਸੂਰਜ ਨਾਲੋਂ ਟੁੱਟਣ ਮਗਰੋ ਧਰਤੀ ਦੇ ਟੁਕੜੇ ਨੂੰ ਠੰਢਾ ਹੌਣ ਤੇ ਫਿਰ ਉਸ ਉੱਤੇ ਅਜਿਹਾ ਵਾਤਾਵਰਨ ਬਣਨ ਨੂੰ ਕਰੋੜਾਂ ਸਾਲ ਲਗ ਗਏ, ਜਿਸ ਨਾਲ ਇਸ ਉੱਤੇ ਮਨੁੱਖਾਂ, ਜੀਵਾਂ ਤੇ ਬਨਸਪਤੀ ਦਾ ਪੈਦਾ ਹੋਣਾ ਤੇ ਵਧਣਾ-ਫੁੱਲਣਾ ਸੰਭਵ ਹੋ ਸਕਿਆ। ਧਰਤੀ ਉੱਪਰਲੇ ਇਸ ਵਾਤਾਵਰਨ ਵਿੱਚ ਹਵਾ, ਪਾਣੀ, ਮਿੱਟੀ, ਸੂਰਜ ਦੀ ਗਰਮੀ ਤੇ ਹੋਰ ਅਨੇਕਾਂ ਕਿਸਮਾਂ ਦੀਆਂ ਊਰਜਾਵਾਂ ਦਾ ਮਿਸ਼ਰਨ ਹੈ।ਮਨੁੱਖਾਂ ਸਮੇਤ ਸਾਰੇ ਜੀਵਾਂ ਤੇ ਬਨਸਪਤੀ ਦੀ ਹੋਂਦ ਤਦ ਹੀ ਸੰਭਵ ਹੈ, ਜੇਕਰ ਧਰਤੀ ਉੱਤੇ ਇਨ੍ਹਾਂ ਸਾਰੇ ਤੱਤਾਂ ਦਾ ਆਪਣਾ ਰੂਪ ਤੇ ਉਨ੍ਹਾਂ ਦਾ ਆਪਸੀ ਤਾਲ-ਮੇਲ ਉਸੇ ਸੰਤੁਲਿਤ ਮਾਤਰਾ ਵਿੱਚ ਹੀ ਕਾਇਮ ਰਹੇ, ਜਿਸ ਵਿੱਚ ਜੀਵ-ਸੰਸਾਰ ਤੇ ਬਨਸਪਤੀ ਦਾ ਪੈਦਾ ਹੋਣਾ ਤੇ ਵਧਣਾ-ਫੁਲਣਾ ਸੰਭਵ ਹੋਇਆ ਸੀ, ਪਰੰਤੂ ਉੱਪਰ ਦੱਸੇ ਅਨੁਸਾਰ ਜਿੱਥੇ ਮਨੁੱਖਾਂ, ਜੀਵਾਂ ਤੇ ਬਨਸਪਤੀ ਦੇ ਪੈਦਾ ਹੋਣ ਤੇ ਉਸ ਦੀ ਹੋਂਦ ਲਈ ਧਰਤੀ ਉਤੇ ਢੁੱਕਵਾਂ ਵਾਤਾਵਰਨ ਪੈਦਾ ਹੋਣਾ ਤੇ ਉਸ ਦੀ ਹੋਂਦ ਲਈ ਧਰਤੀ  ਉੱਤੇ ਢੁੱਕਵਾਂ ਵਾਤਾਵਰਨ ਪੈਦਾ ਹੋਣ ਲਈ ਕਰੌੜਾਂ ਸਾਲ ਲੱਗੇ ਸਨ, ਅੱਜ ਦੇ ਮਨੁੱਖ ਨੇ ਪਿਛਲੇ ਸੱਠ- ਸੱਤਰ ਸਾਲਾਂ ਵਿੱਚ ਹੀ ਉਸਨੂੰ ਬੁਰੀ ਤਰ੍ਹਾਂ ਪਲੀਤ ਕਰ ਕੇ ਰੱਖ ਦਿੱਤਾ ਹੈ ਤੇ ਧਰਤੀ ਉਤੇ ਸਮੁੱਚੇ ਜੀਵ-ਸੰਸਾਰ ਤੇ ਬਨਸਪਤੀ ਦੀ ਹੋਂਦ ਨੂੰ ਖਤਰੇ ਵਿੱਚ ਪਾ ਦਿੱਤਾ ਹੈ।ਇਸ ਪਲੀਤਣ ਨੂੰ 'ਪ੍ਰਦੁਸ਼ਣ' ਕਿਹਾ ਜਾਂਦਾ ਹੈ। ਇਹ ਪ੍ਰਦੂਸ਼ਣ ਉਸ ਦੀ ਵਧਦੀ ਅਬਾਦੀ, ਤੇ ਉਸਦੇ ਵਿਗਿਆਨਿਕ ਵਿਕਾਸ ਤੇ ਪੈਸਾ ਕਮਾਉਣ ਲਈ ਮਨੁੱਖ ਦੀਆਂ ਵਪਾਰਕ ਰੁਚਿਆਂ ਨੇ ਪੈਦਾ ਕੀਤਾ ਹੈ, ਜਿਸ ਕਾਰਨ ਕਰਕੇ ਅੱਜ ਉਸ ਦੇ ਆਪਣੇ ਜੀਵਨ ਨੂੰ ਕਾਇਮ ਰੱਖਣ ਵਾਲੀ ਧਰਤੀ ਦੀ ਮਿੱਟੀ , ਧਰਤੀ ਦਾ ਹੇਠਲਾ ਤੇ ਉਪਰਲਾ ਪਾਣੀ, ਖ਼ੁਰਾਕ, ਹਵਾ ਤੇ ਹੋਰ ਕਿਰਨਾਂ ਤੇ ਗਰਮੀ ਵੀ ਸਾਡੇ ਤਕ ਉਸ ਰੂਪ ਵਿਚ ਨਹੀਂ ਰਹੀ, ਜਿਹੜੀ ਜੀਵ-ਸੰਸਾਰ ਤੇ ਬਨਸਪਤੀ ਦੀ ਹੋਂਦ ਲਈ ਜ਼ਰੂਰੀ ਹੈ ਤੇ ਹਰ ਪਾਸੇ ਰੇਡੀਏਸ਼ਨ ਦਾ ਪ੍ਰਭਾਵ ਫੈਲ ਰਿਹਾ ਹੈ। ਪ੍ਰਦੂਸ਼ਣ ਦੇ ਇਸ ਭਿਆਨਕ ਰੂਪ ਨੇ ਅੱਜ ਧਰਤੀ ਉਤਲੀ ਸਮੁੱਚੀ ਜੈਵਿਕ ਹੋਂਦ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਇਸ ਕਰਕੇ ਸਾਡਾ ਇਸ ਪ੍ਰਤੀ ਸੁਚੇਤ ਹੋਣਾ ਜ਼ਰੂਰੀ ਹੈ।

  ਹਵਾ ਪ੍ਰਦੂਸ਼ਣ :- ਜ਼ਹਿਰੀਲ ਕਣਾਂ ਅਤੇ ਗੈਸਾਂ ਦਾ ਹਵਾ-ਮੰਡਲ ਵਿੱਚ ਮੌਜੂਦ ਹੋਣਾ ਵਾਯੂ ਪ੍ਰਦੂਸ਼ਣ ਕਹਾਉਂਦਾ ਹੈ। ਅੱਜ
ਸਾਡੇ ਆਲ਼ੇ-ਦੁਆਲ਼ੇ ਦੀ ਹਵਾ, ਜਿਸ ਵਿੱਚ ਮਨੁੱਖ ਸਮੇਤ ਹੋਰ ਸਾਰੇ ਜੀਵ ਅਤੇ ਬਨਸਪਤੀ ਸਾਹ ਲੈਂਦੀ ਹੈ, ਨੂੰ ਕੋਇਲੇ ਦੇ ਧੂੰਏ, ਸੁਆਹ ਤੇ ਭਿੰਨ-ਭਿੰਨ ਗੈਸਾਂ ਨੂੰ ਹਵਾ ਵਿੱਚ ਖਿਲਾਰਨ ਵਾਲੀਆਂ ਸਨਅੱਤੀ ਇਕਾਈਆਂ ਤੇ ਪਾਵਰ ਹਾਊਸਾਂ ਦੀਆਂ ਚਿਮਨੀਆਂ, ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਤੇ ਮੋਟਰਾਂ-ਕਾਰਾਂ ਅਤੇ ਘਰਾਂ ਵਿੱਚ ਬਾਲੀ ਜਾਂਦੀ ਲੱਕੜ ਵਿੱਚੋਂ ਨਿਕਲਦੇ ਧੂੰਏਂ ਨੇ ਸਲਫ਼ਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਹਾਈਡਰੋਜਨ ਸਲਫਾਈਡ ਤੇ ਬਹੁਤ ਸਾਰੇ ਹੋਰ ਹਾਈਡਰੋਕਾਰਬਨਾਂ ਨਾਲ ਬੁਰੀ ਤਰ੍ਹਾਂ ਪਲੀਤ ਕਰ ਦਿੱਤੀ ਹੈ। ਪਰਮਾਣੂ-ਵਿਸਫੋਟਾਂ ਦੇ ਤਜ਼ਰਬਿਆਂ ਨੇ ਜ਼ਹਿਰੀਲੀਆਂ ਗੈਸਾਂ, ਐਲਫਾ ਬੀਟਾ ਕਣਾਂ ਤੇ ਗਾਮਾ ਕਿਰਨਾਂ ਨਾਲ ਹਵਾ ਤੇ ਵਾਤਾਵਰਨ ਨੂੰ ਇਸ ਤਰ੍ਹਾਂ ਗੰਦੇ ਤੇ ਜ਼ਹਿਰੀਲੇ ਕਰ ਦਿੱਤਾ ਕਿ ਇਸ ਵਿੱਚ ਮਨੁੱਖ ਤਾਂ ਕੀ ਧਰਤੀ ਉੱਤਲੇ ਹੋਰ ਜੀਵ ਤੇ ਬਨਸਪਤੀ ਵੀ ਉੱਭੇ ਸਾਹ ਲੈਣ ਲੱਗੀ ਹੈ। ਹਵਾ ਵਿੱਚ ਕਾਰਬਨ-ਡਾਈਆਕਸਾਈਡ ਦੀ ਵੱਧ ਰਹੀ ਮਾਤਰਾਂ ਨੇ ਧਰਤੀ ਉੱਤਲੀ ਤਪਸ਼ ਨੂੰ ਵਧਾ ਕੇ ਵਾਤਾਵਰਨ ਵਿੱਚ ਅਜਿਹੇ ਵਿਗਾੜ ਪੈਦਾ ਕਰ ਦਿੱਤੇ ਹਨ, ਜੋ ਕਿ ਸਮੁੱਚੇ ਜੀਵ-ਜਗਤ ਲਈ ਭਿਆਨਕ ਖ਼ਤਰਾ ਪੈਦਾ ਕਰ ਰਹੇ ਹਨ।

ਜਲ ਪ੍ਰਦੂਸ਼ਣ :- ਕੇਵਲ ਹਵਾ ਹੀ ਨਹੀਂ, ਸਗੋਂ ਧਰਤੀ ਉਤਲਾ ਪਾਣੀ, ਜੋ ਕਿ ਸਮੁੱਚੇ ਜੀਵਨ ਦਾ ਆਧਾਰ ਹੈ, ਵੀ ਬੁਰੀ ਤਰ੍ਹਾਂ ਨਾਲ ਜ਼ਹਿਰੀਲਾ ਹੋ ਚੁੱਕਾ ਹੈ। ਅੱਜ ਸ਼ਹਿਰਾਂ ਦੇ ਸੀਵਰੇਜ  ਦਾ ਸਮੁੱਚਾ ਗੰਦ ਨਦੀਆਂ-ਨਾਲਿਆਂ, ਦਰਿਆਵਾਂ ਤੇ ਸਮੁੰਦਰਾਂ ਵਿੱਚ
ਸੁੱਟਿਆ ਜਾ ਰਿਹਾ ਹੈ। ਸਨਅੱਤਾ ਵਿੱਚੋਂ ਨਿਕਲਆਿ ਜ਼ਹਿਰੀਲਾ ਤਰਲ ਮਾਦਾ ਤੇ ਪਾਣੀ ਦਰਿਆਵਾਂ ਤੇ ਝੀਲਾਂ ਵਿਚ ਸੁੱਟਿਆ ਜਾ ਰਿਹਾ ਹੈ, ਜੋ ਅੰਤ ਸਮੁੰਦਰ ਵਿਚ ਜਾ ਮਿਲਦਾ ਹੈ। ਸਨਅੱਤਾਂ ਦੇ ਇਸ ਨਿਕਾਸ ਵਿਚ ਆਰਸੈਨਿਕ, ਕੈਡਮੀਅਮ, ਸਿੱਕਾ, ਪਾਰਾ ਤੇ ਸਾਇਆਨਾਈਡ ਆਦਿ ਜ਼ਹਿਰਾਂ ਘੁਲਿਆਂ ਰਹਿੰਦੀਆਂ ਹਨ। ਖੇਤਾਂ ਵਿੱਚ ਪਾਈਆਂ ਜਾਂਦੀਆਂ ਖਾਦਾਂ ਤੇ ਛਿੜਕੀਆਂ ਜਾਂਦੀਆਂ ਜ਼ਹਿਰੀਲੀਆਂ ਦਵਾਈਆਂ ਨੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਬਣਾ ਕੇ ਪੀਣ ਯੋਗ ਨਹੀਂ ਰਹਿਣ ਦਿੱਤਾ । ਪ੍ਰਮਾਣੂ ਤਜਰਬਿਆਂ ਸਮੇਂ ਛੱਡਿਆ ਜਾਂਦਾ ਰੇਡੀਓ-ਐਕਟਿਵ ਕਚਰਾ ਵੀ ਪਾਣੀ ਨੂੰ ਬੁਰੀ ਤਰਾਂ ਖ਼ਰਾਬ ਕਰ ਰਿਹਾ ਹੈ; ਫਲਸਰੂਪ ਦਰਿਆਵਾਂ, ਝੀਲਾਂ ਤੇ ਸਮੁੰਦਰਾਂ ਦੇ ਜੀਵਾਂ ਲਈ ਭਿਆਨਕ ਖ਼ਤਰਾਂ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਦਰਿਆਵਾਂ ਤੇ ਝੀਲਾਂ ਦਾ ਪਾਣੀ ਤੇ ਧਰਤੀ ਹੇਠਲਾ ਪਾਣੀ ਨਾ ਮਨੁੱਖੀ ਵਰਤੋਂ ਦੇ ਯੋਗ ਰਿਹਾ ਹੈ ਤੇ ਨਾ ਹੋਰਨਾਂ ਜੀਵਾਂ ਲਈ। ਇੱਥੇ ਹੀ ਬੱਸ ਨਹੀਂ ਅੱਜ ਤਾਂ ਵਾਯੂਮੰਡਲ ਵਿੱਚ ਫ਼ੈਲੀਆਂ ਗੈਸਾਂ ਨੇ ਵਰਖਾ ਦੇ ਪਾਣੀ ਨੂੰ ਵੀ ਤੇਜ਼ਾਬੀ ਬਣਾ ਦਿੱਤਾ ਹੈ, ਜਿਸ ਨਾਲ ਧਰਤੀ ਦੀ ਮਿੱਟੀ ਤੇ ਦਰਿਆਵਾਂ, ਝੀਲਾਂ ਤੇ ਸਮੁੰਦਰਾਂ ਦੇ ਪਾਣੀ ਘਾਤਕ ਰੂਪ ਵਿਚ ਜ਼ਹਿਰੀਲੇ ਹੋ ਰਹੇ ਹਨ।

ਮਿੱਟੀ-ਪ੍ਰਦੂਸ਼ਣ :- ਹਵਾ ਤੇ ਪਾਣੀ ਤੋਂ ਬਿਨਾਂ ਵਰਤਮਾਨ ਸਮੇਂ ਵਿੱਚ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ। ਸਨਅੱਤੀ
ਅਦਾਰੇ ਲੱਖਾਂ ਟਨ ਠੋਸ ਪਦਾਰਥ ਰੱਦੀ ਕਰਦੇ ਹਨ। ਕਾਗ਼ਜ ਤੇ ਗੁੱਦੇ ਦੀਆਂ ਮਿੱਲਾਂ, ਤੇਲ ਸੋਧਕ ਕਾਰਖ਼ਾਨੇ ਤੇ ਢਲਾਈ ਦੇ ਕਾਰਖ਼ਾਨੇ ਕਈ ਪ੍ਰਕਾਰ ਦੇ ਰਸਾਇਣਾਂ ਮਿਲਿਆ ਕਚਰਾ ਤੇ ਸੁਆਹ ਧਰਤੀ ਉੱਤੇ ਸੁੱਟਦੇ ਹਨ। ਇਸ ਤੋਂ ਇਲਾਵਾ ਘਰੇਲੂ ਕੂੜਾ-ਕਰਕਟ, ਪੁਰਾਣੀਆਂ ਅਖ਼ਬਾਰਾਂ, ਟੁੱਟਾ-ਫੁੱਟਾ, ਫ਼ਰਨੀਚਰ, ਪਲਾਸਟਿਕ ਦੇ ਲਫ਼ਾਫੇ, ਬੋਤਲਾਂ, ਲੋਹੇ, ਕੱਚ ਤੇ ਚੀਨੀ ਦਾ ਸਮਾਨ, ਟਾਇਰ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਖਿਲਾਰਾ ਤੇ ਢੇਰ ਭੂ-ਦ੍ਰਿਸ਼ ਦਾ ਹੁਲੀਆ ਵਿਗਾੜ ਕੇ ਉਸਨੂੰ ਸੁਹਾਵਣੇ ਦੀ ਥਾਂ ਘਿਨਾਉਣਾ ਬਣਾਉਣ ਦੇ ਨਾਲ ਮਿੱਟੀ ਨੂੰ ਪ੍ਰਦੂਸ਼ਿਤ ਵੀ ਕਰਦੇ ਹਨ। ਧਰਤੀ ਤੋਂ ਜੰਗਲਾਂ ਤੋਂ ਕੱਟਣ ਨਾਲ ਤੇ ਕਾਰਖ਼ਾਨੇ ਲੱਗਣ ਨਾਲ ਕਾਰਬਨ-ਡਾਈਆਕਸਾਇਡ ਦੀ ਮਾਤਰਾਂ ਵੱਧ ਰਹੀ ਹੈ, ਜਿਸ ਕਰਕੇ ਧਰਤੀ ਉੱਤੇ ਗਰਮੀ ਵੱਧ ਰਹੀ ਹੈ ਤੇ ਹਵਾ ਵਿੱਚ ਇਕੱਠੀਆਂ ਹੋਈਆਂ ਜ਼ਹਿਰਾਂ ਦੇ ਬੱਦਲਾਂ ਵਿੱਚ ਮਿਲਣ ਕਾਰਨ ਤੇਜ਼ਾਬੀ ਮੀਂਹ ਪੈ ਰਹੇ ਹਨ। ਜੰਗਲ ਕੱਟੇ ਜਾਣ ਨਾਲ ਜੰਗਲੀ ਜੀਵਾਂ ਤੇ ਪੰਛੀਆਂ ਦੀਆਂ ਨਸਲਾਂ ਖ਼ਤਮ ਹੋ ਰਹੀਆਂ ਹਨ, ਭੋਂ-ਖੋਰ ਵੱਧ ਰਹੀ ਹੈ; ਜਿਸ ਕਾਰਨ ਧਰਤੀ ਉਪਰਲੀ ਉਪਜਾਊ ਮਿੱਟੀ ਰੁੜ੍ਹ ਕੇ ਦਰਿਆਵਾਂ ਤੇ ਸਮੁੰਦਰਾਂ ਵਿੱਚ ਜਾ ਰਹੀ ਹੈ। ਜਲ-ਪ੍ਰਦੂਸ਼ਣ, ਮਿੱਟੀ-ਪ੍ਰਦੂਸ਼ਣ ਤੇ ਜੰਗਲਾਂ ਦੇ ਕੱਟੇ ਜਾਣ ਕਾਰਨ ਬਹੁਤ ਸਾਰੇ ਜੰਗਲੀ ਜੀਵਾਂ ਤੇ ਲਾਭਦਾਇਕ ਪੰਛੀਆਂ (ਗਿਰਝਾਂ ਆਦਿ) ਦੀਆਂ ਨਸਲਾਂ ਖ਼ਤਮ ਹੋ ਰਹੀਆਂ ਹਨ।

ਓਜ਼ੋਨ ਵਿਚ ਮਘੋਰੇ :- ਰੱਦੀ ਹੋਏ ਰਿਫ਼ਰੀਜ਼ਰੇਟਰਾਂ ਤੇ ਏਅਰ ਕੰਡੀਸ਼ਨਰਾਂ ਵਿੱਚੋਂ ਨਿਕਲਦੀਆਂ ਗੈਸਾਂ ਕਾਰਨ ਧਰਤੀ ਉੱਪਰ
ਕੁਦਰਤ ਵਲੋਂ ਓੁਜ਼ੋਨ ਗੈਸ ਦਾ ਗਿਲਾਫ਼, ਜੋ ਕਿ ਧਰਤੀ ਉੱਪਰਲੇ ਮਨੁੱਖਾਂ ਤੇ ਜੀਵਾਂ ਨੂੰ ਸੂਰਜ ਦੀਆਂ ਖ਼ਤਰਨਾਕ ਪਰਾਵੈਂਗਣੀ ਕਿਰਨਾਂ ਤੋਂ ਬਚਾਉਦਾਂ ਹੈ, ਵਿੱਚ ਮਘੋਰੇ ਹੋ ਗਏ ਹਨ ਤੇ ਉਹ ਦਿਨੋਂ-ਦਿਨ ਵਧ ਰਹੇ ਹਨ। ਇਨ੍ਹਾਂ ਦਾ ਵਧਣਾ ਸਮੁੱਚੇ ਜੀਵ-ਸੰਸਾਰ ਲਈ ਬੇਹੱਦ ਖ਼ਤਰਨਾਕ ਹੈ।

ਧੁਨੀ-ਪ੍ਰਦੂਸ਼ਣ :- ਹਵਾ, ਪਾਣੀ ਤੇ ਧਰਤੀ ਦੇ ਪ੍ਰਦੂਸ਼ਣ ਤੋਂ ਇਲਾਵਾ ਧਰਤੀ ਉੱਤੇ ਸ਼ੋਰ ਵੀ ਬਹੁਤ ਵਧੀਆ ਹੈ ਤੇ ਇਹ ਆਵਾਜਾਈ ਦੇ ਸਾਧਨਾਂ ਤੋਂ ਇਲਾਵਾ ਕਾਰਖ਼ਾਨਿਆਂ, ਬੰਬ ਵਿਸਫੋਟਾਂ, ਬੁਲਡੋਜ਼ਿੰਗ, ਪੀਸਣ ਤੇ ਨਿਰਮਾਣ ਦੇ ਕੰਮਾਂ ਤੋਂ  ਇਲਾਵਾ ਥਾਂ-ਥਾਂ ਲੱਗੇ ਹੋਏ ਜੈਨਰੇਟਰਾਂ, ਭਿੰਨ-ਭਿੰਨ ਮੌਕਿਆਂ ਉੱਤੇ ਲੱਗੇ ਡੀ. ਜੇ. ਸਿਸਟਮਾਂ ਤੇ ਲਾਊਡ-ਸਪੀਕਰਾਂ ਨੇ ਵੀ ਪੈਦਾ ਕੀਤਾ ਹੈ, ਜਿਸ ਨੂੰ ਧੁਨੀ ਪ੍ਰਦੂਸ਼ਣ ਦਾ ਨਾਂ ਦਿੱਤਾ ਜਾਂਦਾ ਹੈ। ਇਸ ਨੇ ਸਾਡੇ ਆਮ ਜੀਵਨ ਅਤੇ ਸਾਡੇ-ਵਾਤਾਵਰਨ ਵਿੱਚ ਗੜਬੜ ਮਚਾ ਕੇ ਰੱਖ ਦਿੰਦੀ ਹੈ। ਇਸ ਨਾਲ ਜਿੱਥੇ ਸਾਡੇ ਕੰਨਾਂ ਦੀ ਸੁਣਨ-ਸ਼ਕਤੀ ਪ੍ਰਭਾਵਿਤ ਹੋ ਰਹੀ ਹੈ, ਉੱਥੇ ਬਹੁਤ ਸਾਰੇ ਮਾਨਸਿਕ ਰੋਗ ਤੇ ਤਣਾਓ ਵੀ ਪੈਦਾ ਹੋ ਰਹੇ ਹਨ।

ਰੇਡੀਓ ਐਕਟਿਵ ਪ੍ਰਦੂਸ਼ਣ :- ਇਸ ਤੋਂ ਇਲਾਵਾ ਵਧ ਰਿਹਾ ਰੇਡੀਓ ਐਕਟਿਵ ਪ੍ਰਦੂਸ਼ਣ, ਜੋ ਕਿ ਪ੍ਰਮਾਣੂ ਹਥਿਆਰਾਂ ਤੇ ਨਿਊਕਲੀਅਰ ਪਾਵਰ ਪਲਾਂਟਾਂ ਤੋਂ ਪੈਦਾ ਹੋ ਰਿਹਾ ਹੈ ਅਤੇ ਇਲੈਕਟ੍ਰਾਨਿਕ ਉਪਕਰਨਾਂ ਵਿੱਚੋਂ ਨਿਕਲਦੀ ਰੇਡੀਏਸ਼ਨ ਮਨੁੱਖੀ ਸਿਹਤ ਲਈ ਖ਼ਤਰਨਾਕ ਸਿੱਧ ਹੋ ਰਹੇ ਹਨ।

ਖ਼ੁਰਾਕ ਵਿਚ ਪ੍ਰਦੂਸ਼ਣ :- ਹਵਾ, ਪਾਣੀ ਤੇ ਮਿੱਟੀ ਦੇ ਗੰਧਲਾ ਹੋਣ, ਕੀਟਨਾਸ਼ਕ ਦਵਾਈਆਂ ਦੇ ਛਿੜਕਾ ਤੇ ਖਾਦਾ ਦੀ ਵਰਤੋਂ ਤੇ ਬਹੁਤਾ ਲਾਭ ਲੈਣ ਦੀ ਵਪਾਰੀ ਰੁਚੀ ਨੇ ਸਾਡੀ ਖ਼ੁਰਾਕ ਵਿਚ ਸ਼ਾਮਿਲ ਫ਼ਲਾਂ, ਸਬਜੀਆਂ ਤੇ ਦੁੱਧ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਕਰਕੇ ਅਸੀਂ ਸ਼ੁੱਧ ਖਾਣਿਆਂ ਦੀ ਜ਼ਹਿਰਾਂ ਮਿਲੇ ਖਾਣੇ ਖਾ ਰਹੇ ਹਾਂ ਤੇ ਨਿਤ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ।

ਖ਼ਬਰਦਾਰ ਹੋਣ ਦੀ ਲੋੜ :- ਉੱਪਰ ਲਿਖੇ ਤੱਥਾਂ ਤੋਂ ਭਿੰਨ-ਭਿੰਨ ਪ੍ਰਕਾਰ ਦੇ ਪ੍ਰਦੂਸ਼ਣਾਂ ਕਾਰਨ ਮਨੁੱਖਾਂ, ਜੀਵਾਂ ਤੇ ਬਨਸਪਤੀ ਲਈ ਪੈਦਾ ਹੋ ਰਹੇ ਖ਼ਤਰਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸ ਨੇ ਜਿੱਥੇ ਬਹੁਤ ਸਾਰੀਆਂ ਆਮ ਬਿਮਾਰੀਆਂ ਜ਼ੁਕਾਮ, ਖੰਘ, ਦਮਾ, ਬੋਲਾਪਨ, ਪੇਟ ਗੈਸ, ਖ਼ੂਨ ਦੇ ਦਬਾਓ, ਸਿਰ ਦਰਦ, ਮਾਨਸਿਕ ਤਣਾਓ, ਉਦਾਸੀ ਤੇ ਮਾਯੂਸੀ ਆਦਿ ਨੂੰ ਵਧਾਇਆ ਹੈ, ਉੱਥੇ ਮਨੁੱਖ ਦੀ ਸਮੁੱਚੀ ਹੋਂਦ ਨੂੰ ਹੀ ਖ਼ਤਰੇ ਵਿਚ ਪਾ ਦਿੱਤਾ ਹੈ ਕਿਉਂਕਿ ਧਰਤੀ ਉੱਤੇ ਮਨੁੱਖ ਸਮੇਤ ਸਾਰੇ ਜੀਵਾਂ ਤੇ ਬਨਸਪਤੀ ਦਾ ਜੀਵਨ ਸ਼ੁੱਧ ਪਾਣੀ, ਸ਼ੁੱਧ ਖ਼ੁਰਾਕ, ਸ਼ੁੱਧ ਮਿੱਟੀ ਤੇ ਅਨੁਕੂਲ ਸੂਰਜੀ ਗਰਮੀ ਤੋਂ ਬਿਨ੍ਹਾਂ ਕਾਇਮ ਨਹੀ ਰਹਿ ਸਕਦਾ ਹੈ ਪਰ ਮਨੁੱਖ ਨੇ ਕੁਦਰਤ ਦੀਆਂ ਸੁਗਾਤਾਂ ਨੂੰ ਵਿਗਾੜ ਕੇ ਆਪਣੀ ਸਮੁੱਚੀ ਹੋਂਦ ਲਈ ਖ਼ਤਰਾ ਪੈਦਾ ਕਰ ਲਿਆ ਹੈ।ਕੁਦਰਤ ਵਿਚ ਮਨੁੱਖ ਦੇ ਇਸ ਦਖ਼ਲ ਨੇ ਕੁਦਰਤ ਦੇ ਵਰਤਾਰੇ ਨੂੰ ਵੀ ਬਦਲ ਦਿੱਤਾ
ਹੈ, ਜਿਸ ਕਰਕੇ ਮੌਸਮ ਬੇਯਕੀਨੇ ਹੋ ਰਹੇ ਹਨ। ਕੁਦਰਤੀ ਆਫ਼ਤਾਂ ਦਾ ਰੂਪ ਵਧੇਰੇ ਭਿਆਨਕ ਹੁੰਦਾ ਜਾਂ ਰਿਹਾ ਹੈ। ਕਦੇ ਨਿਰਾਂ ਸੋਕਾ ਹੀ ਪਿਆ ਰਹਿੰਦਾ ਹੈ ਤੇ ਕਦੇ ਹੜ੍ਹ ਸਭ ਕੁੱਝ ਰੋੜ੍ਹ ਕੇ ਲੈ ਜਾਂਦੇ ਹੈ। ਕਦੇ ਸਮੁੰਦਰ ਬਿਫ਼ਰ ਜਾਂਦਾ ਹੈ ਤੇ ਕਦੇ ਮੇਘ।


ਸਾਰ ਅੰਸ਼ :- ਮੁੱਕਦੀ ਗੱਲ ਇਹ ਹੈ ਕਿ ਮਨੁੱਖ ਨੂੰ ਧਰਤੀ ਉੱਪਰ ਆਪਣੀ ਹੋਂਦ ਕਾਇਮ ਰੱਖਣ ਲਈ ਆਪਣੀ ਵਧਦੀ ਆਬਾਦੀ ਨੂੰ ਰੋਕਣਾ ਚਾਹੀਦਾ ਹੈ ਤੇ ਆਪਣੀਆਂ ਲਾਲਸਾਵਾਂ ਵਿਚੋਂ ਉੱਪਜੀਆਂ ਆਪਣੀਆਂ ਸਰਗਰਮੀਆਂ ਨੂੰ ਘੱਟ ਕਰਨਾ ਚਾਹੀਦਾ ਹੈ। ਉਸ ਨੂੰ ਕੋਈ ਕੰਮ ਅਜਿਹਾ ਨਹੀ ਕਰਨਾ ਚਾਹੀਦਾ, ਜਿਸ ਨਾਲ਼ ਕੁਦਰਤ ਦਾ ਆਪਣਾ ਸੰਤੁਲਨ ਵਿਗੜਦਾ ਹੋਵੇ ਤੇ ਧਰਤੀ ਉੱਪਰਲਾ ਵਾਤਾਵਰਨ ਪਲੀਤ ਹੁੰਦਾ ਹੋਵੇ। ਅਬਾਦੀ ਘਟਣ ਨਾਲ਼ ਹੀ ਕਾਰਖ਼ਾਨਿਆਂ, ਮੋਟਰਾਂ-ਗੱਡੀਆਂ, ਖੇਤੀ ਉੱਪਕਰਨਾਂ, ਕੀੜੇ-ਮਾਰ ਦਵਾਈਆਂ, ਖਾਦਾਂ ਤੇ ਧੁਨੀ ਪ੍ਰਦੂਸ਼ਣ ਕਰਨ ਵਾਲੇ ਯੰਤਰਾਂ ਦੀ ਲੋੜ ਘਟੇਗੀ।ਇਨ੍ਹਾਂ ਦਾ ਉੱਤਪਾਦਨ ਘੱਟ ਹੋਣ ਨਾਲ਼ ਪ੍ਰਦੂਸ਼ਣ ਵੀ ਘੱਟ ਹੋਵੇਗਾ। ਨਾਲ਼ ਹੀ ਪ੍ਰਮਾਣੂ-ਬੰਬਾਂ ਤੋਂ ਉਪਜਣ ਵਾਲੀਆਂ ਜ਼ਹਿਰਾਂ ਨੂੰ ਘੱਟ ਕਰਨ ਖ਼ਾਤਰ ਸੰਸਾਰ-ਅਮਨ ਕਾਇਮ ਰੱਖਣ ਲਈ ਜ਼ੋਰਦਾਰ ਕਦਮ ਪੁੱਟਣੇ ਚਾਹੀਦੇ ਹਨ।

Tags:
About the Author

Write admin description here..

0 comments:

info-point © 2014-18. Powered by Blogger.